ਤਾਏ ਦੇ ਮੁੰਡੇ ਨੇ ਜਬਰਦਸਤੀ ਬਣਾਏ ਸਨ ਸਰੀਰਿਕ ਸੰਬੰਧ,ਨੌਜਵਾਨ ਕੁੜੀ ਨੇ ਨਿਗਲੀ ਜ਼ਹਿਰੀਲੀ ਦਵਾਈ, ਮੌਤ।

2 years ago
1

ਤਾਏ ਦੇ ਮੁੰਡੇ ਨੇ ਜਬਰਦਸਤੀ ਬਣਾਏ ਸਨ ਸਰੀਰਿਕ ਸੰਬੰਧ,ਨੌਜਵਾਨ ਕੁੜੀ ਨੇ ਨਿਗਲੀ ਜ਼ਹਿਰੀਲੀ ਦਵਾਈ, ਮੌਤ। ਪੁਲਿਸ ਨੇ ਕੀਤਾ ਮਾਮਲਾ ਦਰਜ।

.ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ

ਦੀਨਾਨਗਰ ਦੇ ਨਾਲ ਲੱਗਦੇ ਪਿੰਡ ਡੀਡਾ ਸਾਂਸੀਆਂ ਵਿਖੇ ਇਕ ਨੌਜਵਾਨ ਕੁੜੀ ਨੇ ਆਪਣੇ ਤਾਏ ਦੇ ਲੜਕੇ ਦੀਆਂ ਗਲਤ ਹਰਕਤਾਂ ਤੋਂ ਤੰਗ ਆ ਕੇ ਆਤਮਹੱਤਿਆ ਕਰ ਲਈ ਹੈ। ਜਿਸ ਮਗਰੋਂ ਪੁਲਸ ਨੇ ਦੋਸ਼ੀ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਰੁਸ਼ਪਾ ਪਤਨੀ ਸਾਬੀ ਵਾਸੀ ਡੀਡਾ ਸਾਂਸੀਆਂ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਨੂੰ ਕਰੀਬ ਗਿਆਰਾਂ ਸਾਲ ਹੋ ਗਏ ਹਨ। ਉਹ ਆਪਣੇ ਇੱਕ ਲੜਕੇ ਅਤੇ ਤਿੰਨ ਲੜਕੀਆਂ ਨਾਲ ਘਰ ਵਿੱਚ ਰਹਿੰਦੀ ਹੈ ਅਤੇ ਉਸਦੀ ਵੱਡੀ ਲੜਕੀ ਸਿੰਪੀ ਜਿਸ ਦੀ ਉਮਰ 23 ਸਾਲ ਹੈ, ਪਲੱਸ ਟੂ ਕਰਨ ਉਪਰੰਤ ਘਰ ਵਿੱਚ ਹੀ ਸਿਲਾਈ ਦਾ ਕੰਮ ਕਰਦੀ ਸੀ। ਉਸ ਦੇ ਗੁਆਂਢ ਵਿੱਚ ਰਹਿੰਦਾ ਉਸ ਦੇ ਜੇਠ ਦਾ ਲੜਕਾ ਗੌਰਵ ਪੁੱਤਰ ਰਛਪਾਲ ਉਸ ਦੀ ਧੀ ਸਿੰਪੀ ਤੇ ਮਾੜੀ ਨਿਗ੍ਹਾ ਰੱਖਦਾ ਸੀ ਅਤੇ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਮ੍ਰਿਤਕਾ ਦੀ ਮਾਂ ਰੁਸ਼ਪਾ ਅਨੁਸਾਰ ਉਸ ਦੇ ਜੇਠ ਤੇ ਲੜਕੇ ਗੌਰਵ ਨੇ ਉਸ ਦੀ ਧੀ ਨਾਲ ਉਸ ਦੀ ਇੱਛਾ ਦੇ ਖ਼ਿਲਾਫ਼ ਸਰੀਰਕ ਸੰਬੰਧ ਵੀ ਬਣਾਏ ਸਨ ਅਤੇ ਹੁਣ ਵੀ ਵਾਰ ਵਾਰ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਦਾ ਸੀ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪਿੰਡ ਵਿੱਚ ਬਦਨਾਮ ਕਰਨ ਦੀਆਂ ਧਮਕੀਆਂ ਦਿੰਦਾ ਸੀ। ਜਿਸ ਬਾਰੇ ਉਸ ਦੀ ਧੀ ਸਿੰਪੀ ਨੇ ਜਦੋਂ ਉਸ ਨਾਲ ਜ਼ਿਕਰ ਕੀਤਾ ਤਾਂ ਉਹ ਆਪਣੇ ਜੇਠ ਦੇ ਘਰ ਉਲਾਂਭਾ ਲੈ ਕੇ ਵੀ ਗਏ ਸੀ ਪਰ ਇਸਦੇ ਬਾਵਜੂਦ ਵੀ ਜੇਠ ਦਾ ਲੜਕਾ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਰੁਸਪਾ ਅਨੁਸਾਰ ਗੌਰਵ ਦੀਆਂ ਹਰਕਤਾਂ ਤੋਂ ਤੰਗ ਉਸ ਦੀ ਧੀ ਸਿੰਪੀ ਰਾਤ ਰਾਤ ਭਰ ਰੋਂਦੀ ਰਹਿੰਦੀ ਸੀ ਅਤੇ ਬੀਤੀ ਸ਼ਾਮ ਉਸ ਇਸੇ ਦੁੱਖੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਨੂੰ ਇਲਾਜ ਲਈ ਪਠਾਨਕੋਟ ਦੇ ਹਸਪਤਾਲ ਲਿਜਾਇਆ ਗਿਆ ਪਰ ਉਥੇ ਉਸਨੇ ਦਮ ਤੋੜ ਦਿੱਤਾ।
ਦੀਨਾਨਗਰ ਥਾਣੇ ਦੇ ਐਸਐਚਓ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਗੌਰਵ ਪੁੱਤਰ ਰਛਪਾਲ ਵਾਸੀ ਡੀਡਾ ਸਾਂਸੀਆਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ।

Loading comments...